ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ SYL ਨਾਲ ਚਰਚਾ ਵਿੱਚ ਆਏ ਨਾਮ ਬਲਵਿੰਦਰ ਸਿੰਘ ਜੱਟਾਣਾ ਦੇ ਸਿਰ ਤੇ 16 ਲੱਖ ਰੁਪਏ ਦਾ ਇਨਾਮ ਸੀ। ਉਹ ਪੰਜਾਬ ਪੁਲਿਸ ਨੂੰ ਕਈ ਕੇਸਾਂ ਵਿੱਚ ਲੋੜੀਂਦਾ ਸੀ। ਖਾੜਕੂ ਲਹਿਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਬਲਵਿੰਦਰ ਸਿੰਘ ਤੇ ਗੰਭੀਰ ਦੋਸ਼ ਹੋਣ ਦੇ ਬਾਵਜੂਦ ਵੀ ਪੁਲਿਸ ਉਹਨਾਂ ਨੂੰ ਫੜਨ ਵਿਚ ਕਈ ਵਾਰ ਨਾਕਾਮ ਰਹੀ ਸੀ।
ਬਲਵਿੰਦਰ ਸਿੰਘ ਦਾ ਪਿਛੋਕੜ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਾਲ ਸੀ। ਉਨ੍ਹਾਂ ਦੇ ਪਿੰਡ ਦਾ ਨਾਂ ਜਟਾਣਾ ਹੋਣ ਕਰਕੇ ਉਹ ਖਾਲਿਸਤਾਨੀ ਲਹਿਰ ਦੇ ਖਾੜਕੂ ਪੰਨਿਆਂ ਵਿੱਚ ਬਲਵਿੰਦਰ ਸਿੰਘ ਜਟਾਣਾ ਦੇ ਨਾਂ ਨਾਲ ਮਸ਼ਹੂਰ ਹੋਏ। ਬਲਵਿੰਦਰ ਸਿੰਘ ਜੱਟਾਣਾ ਨੂੰ ਪੰਜਾਬ ਦਾ ਇੱਕ ਵਰਗ ਸ਼ਹੀਦ ਵੀ ਮੰਨਦਾ ਹੈ। ਉਹ ਖਾੜਕੂ ਲਹਿਰ ਨਾਲ ਜੁੜੇ ਹੋਏ ਸਨ। ਲਹਿਰ ਵਿਚ ਜੁੜਨ ਸਮੇਂ ਉਹ ਰੋਪੜ ਦੇ ਸਰਕਾਰੀ ਕਾਲਜ ਵਿੱਚ MA ਇੰਗਲਿਸ਼ ਦੇ ਵਿਦਿਆਰਥੀ ਸਨ। ਉਹ ਪੜ੍ਹਾਈ ਵਿੱਚ ਵੀ ਕਾਫੀ ਚੰਗੇ ਅਤੇ ਹਰ ਲੋੜਵੰਦ ਨਾਲ ਖੜਨ ਵਾਲੇ ਇਨਸਾਨ ਸਨ।
SYL ਨਾਲ ਕੀ ਵਾਸਤਾ ?
1990 ਵਿੱਚ ਚੰਡੀਗੜ੍ਹ ਦੇ ਸੈਕਟਰ 26 ਵਿੱਚ ਐੱਸਵਾਈਐੱਲ ਦੇ ਦਫ਼ਤਰ ਵਿੱਚ ਇਸ ਨਹਿਰ ਦੀ ਉਸਾਰੀ ਦੇ ਪ੍ਰਾਜੈਕਟ ਵਿੱਚ ਲੱਗੇ ਚੀਫ ਇੰਜੀਨੀਅਰ ਐੱਮਐੱਲ ਸੀਕਰੀ ਅਤੇ ਸੁਪਰਡੈਂਟ ਇੰਜੀਨੀਅਰ ਅਵਤਾਰ ਸਿੰਘ ਔਲਖ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ। ਦੋਵਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਨਹਿਰ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ। ਇਸ ਕਤਲ ਕਾਂਡ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਆਇਆ। ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੀ ਹੈ। ਜਦੋਂ ਬਲਵਿੰਦਰ ਸਿੰਘ ਜਟਾਣਾ ਖਾੜਕੂ ਲਹਿਰ ਵਿੱਚ ਕੁੱਦੇ ਤਾਂ ਉਨ੍ਹਾਂ ਨਾਲ ਰੋਪੜ ਨੇੜਲੇ ਪਿੰਡਾਂ ਦੇ ਚਰਨਜੀਤ ਸਿੰਘ ਚੰਨੀ (ਮਾਹਲਾ ਝੱਲੀਆਂ), ਹਰਮੀਤ ਸਿੰਘ ਭਾਊਵਾਲ ਅਤੇ ਜਗਤਾਰ ਸਿੰਘ ਪੰਜੋਲਾ ਵਰਗੇ ਸਾਥੀ ਸਨ।1990 ਵਿੱਚ ਐੱਸਵਾਈਐੱਲ ਦੇ ਦਫ਼ਤਰ ਉੱਤੇ ਹਮਲੇ ਤੋਂ ਬਾਅਦ ਸੁਖਦੇਵ ਸਿੰਘ ਬੱਬਰ ਵੱਲੋਂ ਬਲਵਿੰਦਰ ਸਿੰਘ ਜਟਾਣਾ ਨੂੰ ਖਾੜਕੂ ਜਥੇਬੰਦੀ ਦਾ ਮਾਲਵਾ ਜ਼ੋਨ ਦਾ ਕਮਾਂਡਰ ਥਾਪ ਦਿੱਤਾ ਗਿਆ।
ਸੁਮੇਧ ਸੈਣੀ ਉੱਤੇ ਹਮਲਾ
ਪੰਜਾਬ ਪੁਲਿਸ ਦੇ ਸਾਬਕਾ ਡੀ. ਜੀ. ਪੀ. ਜਦੋਂ 1991 ਵਿੱਚ ਚੰਡੀਗੜ੍ਹ ਦੇ ਐਸ.ਐਸ.ਪੀ. ਸਨ ਤਾਂ ਉਹਨਾਂ ਉੱਤੇ ਇੱਕ ਜਾਨਲੇਵਾ ਹਮਲਾ ਹੋਇਆ ਜਿਸ ਵਿੱਚ ਭਾਵੇਂ ਉਹਨਾਂ ਦੀ ਜਾਨ ਵਾਲ-ਵਾਲ ਬੱਚ ਗਈ ਸੀ ਪਰ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਸੈਣੀ ਉੱਤੇ ਹਮਲੇ ਵਾਲੀ ਰਾਤ ਹੀ ਬਲਵਿੰਦਰ ਸਿੰਘ ਜਟਾਣਾ ਦੇ ਘਰ ਤੇ ਵੀ ਹਮਲਾ ਹੋਇਆ ਜਿਸ ਵਿਚ ਉਹਨਾਂ ਦੇ 80 ਸਾਲਾ ਦਾਦੀ ਦਵਾਰਕੀ ਕੌਰ, 5 ਸਾਲਾ ਪੋਲੀਓਗ੍ਰਸਤ ਭਾਣਜੇ ਸਿਮਰਨਜੀਤ ਸਿੰਘ, ਬਲਵਿੰਦਰ ਸਿੰਘ ਦੀ ਚਾਚੀ ਜਸਮੇਰ ਕੌਰ, ਭੈਣ ਮਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਘਰ ਨੂੰ ਅੱਗ ਲਗਾ ਦਿੱਤੀ ਸੀ। ਇਹ ਹਮਲਾ ਨਿਹੰਗ ਅਜੀਤ ਸਿੰਘ ਪੂਹਲਾ ਵੱਲੋਂ ਕੀਤਾ ਗਿਆ ਸੀ ਜਿਸਨੂੰ ਬਾਅਦ ਵਿਚ ਗਿਰਫ਼ਤਾਰ ਵੀ ਕਰ ਲਿਆ ਗਿਆ ਸੀ। ਅਜੀਤ ਸਿੰਘ ਪੂਹਲਾ ਨੂੰ ਅੰਮ੍ਰਿਤਸਰ ਜੇਲ ਵਿੱਚ ਸਾਥੀ ਕੈਦੀਆਂ ਵੱਲੋਂ ਸਾੜ ਦਿੱਤਾ ਗਿਆ ਸੀ।
ਬਲਵਿੰਦਰ ਸਿੰਘ ਦਾ ਪੁਲਿਸ ਮੁਕਾਬਲਾ ਪੰਜਾਬ ਪੁਲਿਸ ਮੁਤਾਬਿਕ 4 ਸਤੰਬਰ 1991 ਨੂੰ ਜਦੋਂ ਬਲਵਿੰਦਰ ਸਿੰਘ ਜੱਟਾਣਾ ਆਪਣੇ ਸਾਥੀ ਚਰਨਜੀਤ ਸਿੰਘ ਨਾਲ ਕਿਧਰੇ ਜਾ ਰਿਹਾ ਸੀ ਤਾਂ ਸਾਹਮਣੇ ਪੁਲਿਸ ਚੌਂਕੀ ਦੇਖ ਉਹਨਾਂ ਆਪਣਾ ਰਾਹ ਬਦਲਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਹਨਾਂ ਦਾ ਪੰਜਾਬ ਪੁਲਿਸ ਨਾਲ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਦੌਰਾਨ ਉਹਨਾਂ ਦੋਹਵਾਂ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਸਮੇਂ ਜੱਟਾਣਾ ਦੇ ਸਰ ਤੇ 16 ਲੱਖ ਰੁਪਏ ਦਾ ਇਨਾਮ ਸੀ। ਇਸ ਸਮੇਂ ਦੌਰਾਨ ਉਂਝ ਪੰਜਾਬ ਵੱਲੋਂ ਕਈ ਝੂਠੇ ਪੁਲਿਸ ਮੁਕਾਬਲੇ ਵੀ ਬਣਾਏ ਜਾਂਦੇ ਰਹਿਣਾ ਆਮ ਗੱਲ ਸੀ।
Comentários