ਮੈਂ ਸਵੇਰ ਦੀ ਸੈਰ ਤੇ ਨਿਕਲਿਆ ਤਾਂ ਬਾਬਾ ਮੱਘਰ ਸਿਓਂ ਅਖਬਾਰ ਪੜ੍ਹੀ ਜਾਂਦਾ ਸੀ ਮੈਂ ਦੌੜ ਲਾ ਕੇ ਥੱਕ ਗਿਆ ਸੀ ਤਾਂ ਫੁੱਲੇ ਸਾਹ੍ਹ ਨਾਲ ਹੀ ਉਹਨਾਂ ਕੋਲ ਖੜਨ ਦਾ ਬਹਾਨਾ ਲੱਭਿਆ ਤੇ ਝੱਟ ਪੁੱਛਿਆ ਚਾਚਾ ਕਿ ਕਹਿੰਦਾ ਫੇਰ ਅੱਜ ਦਾ ਅਖਬਾਰ। ਚਾਚਾ ਅਗਿਓਂ ਸੁਣਾਉਣ ਲੱਗਿਆ ਕੇ ਬਾਕੀ ਸਾਰਾ ਤਾਂ ਓਹੀ ਮਾਰ-ਘਾਟ ਨਾਲ ਭਰਿਆ ਹੋਇਆ ਹੈ ਪਰ ਇੱਕ ਖ਼ਬਰ ਨੇ ਅੱਜ ਬੜਾ ਧਿਆਨ ਖਿੱਚਿਆ ਹੈ, ਮੈਂ ਸੁਨਣ ਦੀ ਉਤਸੁਕਤਾ ਵਿੱਚ ਨਾਲ ਦੀ ਕੁਰਸੀ ਤੇ ਬੈਠ ਗਿਆ। ਚਾਚਾ ਮੱਘਰ ਸਿਓਂ ਆਪ ਰੇਲ ਮਹਿਕਮੇਂ ਵਿੱਚ ਸਰਕਾਰੀ ਅਧਿਕਾਰੀ ਸੀ ਤੇ ਓਹਨੇ ਬਕਾਇਦਾ 20 ਸਾਲ ਰੇਲਵੇ ਦੀ ਨੌਕਰੀ ਕੀਤੀ ਸੀ। ਅਖਬਾਰ ਮੇਰੇ ਅੱਗੇ ਕਰਕੇ ਆਖਣ ਲੱਗਾ ਕੇ ਜਦੋਂ ਪ੍ਰਧਾਨ ਮੰਤਰੀ ਨੇ ਇਹ ਪ੍ਰੋਜੈਕਟ ਜਿਸਦਾ ਨਾਮ "ਵੰਦੇ ਭਾਰਤ" ਹੈ ਚਲਾਉਣ ਦਾ ਐਲਾਨ ਕੀਤਾ ਸੀ ਤਾਂ ਮੈਂ ਬੜਾ ਖੁਸ਼ ਹੋਇਆ ਸੀ ਕਿ ਸਾਡੇ ਦੇਸ਼ ਨੇ ਬੜੀ ਤਰੱਕੀ ਕਰ ਲਈ ਹੈ। ਹੁਣ ਇੱਥੇ ਵੀ ਪੂਰੀਆਂ ਤੇਜ਼ ਸਰਾਟੇਦਾਰ ਰੇਲਾਂ ਚਲਿਆ ਕਰਨਗੀਆਂ ਜੋ ਆਮ ਲੋਕਾਂ ਦਾ ਜਨ-ਜੀਵਨ ਸੁਖਾਲਾ ਕਰਨਗੀਆਂ। ਚਲੋ ਖੈਰ ਮੇਰੇ "Service" ਟਾਇਮ ਵਿਚ ਇਹ ਸੰਭਵ ਨਹੀਂ ਹੋ ਸਕਿਆ ਪਰ ਜਦੋਂ ਮੋਦੀ ਸਾਹਿਬ ਨੇ ਇਹਦਾ ਉਦਘਾਟਨ ਕੀਤਾ ਤਾਂ ਮੈਂ ਬੱਚਿਆਂ ਨੂੰ ਟੌਫੀਆਂ ਜਰੂਰ ਵੰਡੀਆਂ ਸੀ ਕੇ ਆਖਿਰਕਾਰ ਸਾਡੇ ਦੇਸ਼ ਨੂੰ ਵੀ ਇੱਕ ਤੇਜ਼ ਚਲਣ ਵਾਲੀ ਗੱਡੀ ਮਿਲ ਗਈ ਹੈ। ਪਰ ਇਹ ਦੇਖ ਜਿਸ ਹਿਸਾਬ ਨਾਲ ਦੋ ਦਿਨਾਂ ਵਿਚ ਇਹ ਕਦੇ ਮੱਝ ਦੇ ਵੱਜਕੇ ਟੁੱਟ ਰਹੀ ਹੈ ਤੇ ਕਦੇ ਗਾਂ ਦੇ, ਇਸਤੋਂ ਇਸਦੀ ਗੁਣਵੱਤਾ ਦਾ ਅੰਦਾਜਾ ਮੈਂ ਲਗਾ ਲਿਆ ਹੈ। ਮੱਘਰ ਚਾਚਾ ਆਖਣ ਲੱਗਾ ਕਿ ਇਹ ਖ਼ਬਰ ਪੜ੍ਹਦੇ-ਪੜ੍ਹਦੇ ਮੇਰਾ ਸਿਰ ਘੁੰਮ ਗਿਆ ਕਿ ਕਿਵੇਂ ਉਹਨਾਂ ਨੇ ਇਹਨੇ ਯਾਤਰੀਆਂ ਦੀਆਂ ਜਾਨਾਂ ਜੋਖਮ ਵਿਚ ਪਾ ਦਿੱਤੀਆਂ ਹਨ ਇਸ ਨਾਲੋਂ ਤਾਂ ਉਹ ਹੌਲੀ ਵਾਲੀ ਹੀ ਠੀਕ ਸੀ ਉਹ ਅੰਗਰੇਜ਼ੀ ਵਿਚ ਕਹਿੰਦੇ ਹਨ ਕੇ "Better late then never "। ਮੈਂ ਉਹਨਾਂ ਤੋਂ ਪੁੱਛਿਆ ਕੇ ਹਾਦਸਾ ਤਾਂ ਹੋ ਹੀ ਸਕਦਾ ਹੈ ਇਹਦੇ 'ਚ ਵੱਧ ਜਾਨਾਂ ਕਿਵੇਂ ਖ਼ਤਰੇ ਵਿੱਚ ਪੈ ਗਈਆਂ ਤਾਂ ਉਹ ਦੱਸਣ ਲੱਗੇ ਕਿ ਰੇਲ ਦਾ ਸਭ ਤੋਂ ਮਜਬੂਤ ਹਿੱਸਾ ਉਸਦੇ ਇੰਝਣ ਨੂੰ ਹੀ ਬਣਾਇਆ ਜਾਂਦਾ ਹੈ। ਡਰਾਈਵਰ ਦੀ ਸੁਰੱਖਿਆ ਲਈ ਲੋੜ ਤੋਂ ਵੱਧ ਇੰਤਜਾਮ ਕਰਕੇ ਉਸਦੇ ਕੈਬਿਨ ਨੂੰ ਲੋਹੇ ਨਾਲ ਤੁਨਿਆ ਜਾਂਦਾ ਹੈ। ਇਸ ਗੱਡੀ ਦੀ ਹਾਲਤ ਮੱਝ ਤੇ ਗਾਂ ਵੱਜਣ ਨਾਲ ਇਹ ਹੈ ਜਿਸ ਦਿਨ ਕੋਈ ਹਾਥੀ ਜਾ ਅਸਾਮ ਦਾ ਗੈਂਡਾ ਇਸ ਵਿਚ ਟਕਰਾਇਆ ਤਾਂ ਸਭ ਤੋਂ ਪਹਿਲਾਂ ਡਰਾਈਵਰ ਦੀ ਮੌਤ ਹੋ ਜਾਵੇਗੀ ਤੇ ਇੱਕ ਰੇਲ ਗੱਡੀ ਬਿਨਾ ਡਰਾਈਵਰ ਤੋਂ ਕਿੰਨੀ ਖ਼ਤਰਨਾਕ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਚਾਚੇ ਦੀਆਂ ਗੱਲਾਂ ਸੁਣ ਕੇ ਮੈਂ ਵੀ ਇਸੇ ਸੋਚ ਵਿੱਚ ਡੁੱਬ ਗਿਆ ਕੇ ਕਿ ਇੰਨੇ ਵੱਡੇ ਭਾਰਤ ਵਿਚ ਕੋਈ ਨਹੀਂ, ਜਿਸਨੇ ਆਹ ਗੱਲ ਸੋਚੀ ਜਾਂ ਫਿਰ ਸਿਰਫ ਆਪਣੀਆਂ ਫੋਕੀਆਂ ਬਿਆਨਬਾਜ਼ੀਆਂ ਨੂੰ ਸੱਚ ਸਾਬਿਤ ਕਾਰਨ ਲਈ ਬਿਨਾ ਚੰਗੀ ਤਰਾਂ ਘੋਖ ਕੀਤਿਆਂ ਹੀ ਹਜ਼ਾਰਾਂ ਲੋਕਾਂ ਦੀ ਜਾਨ ਦਾਓ ਤੇ ਲਾਈ ਜਾ ਰਹੀ ਹੈ। ਜਾਂਦੇ-ਜਾਂਦੇ ਚਾਚੇ ਨੇ ਕਿਹਾ ਕੇ ਕਾਕਾ ਬਿਨਾ ਡਰਾਈਵਰ ਤੋਂ ਰੇਲ ਗੱਡੀ ਓਦਰ ਹੀ ਜਾਊਗੀ ਜਿਥੇ ਦੇਸ਼ ਨੂੰ ਮੋਦੀ ਲੈਕੇ ਜਾ ਰਿਹਾ (ਪਟਰੀ ਤੋਂ ਥੱਲੇ)।

Comments